Friday 12 September 2014

ਪ੍ਰੇਮ ਵਿਆਹ ਤੋਂ ਪਹਿਲਾਂ ਸੋਚਣਾ ਜ਼ਰੂਰੀ

ਪ੍ਰੇਮ ਵਿਆਹ ਤੋਂ ਪਹਿਲਾਂ ਸੋਚਣਾ ਜ਼ਰੂਰੀ


ਪ੍ਰੇਮ ਵਿਆਹ ਦੋ ਵਿਅਕਤੀਆਂ ਦੇ ਆਪਸੀ ਪ੍ਰੇਮ, ਖਿੱਚ ਅਤੇ ਵਾਅਦਿਆਂ ਨਾਲ ਹੋਏ ਮੇਲ ਨੂੰ ਕਹਿੰਦੇ ਹਨ | ਅੱਜਕਲ੍ਹ ਇਸ ਦਾ ਚਲਣ ਵਧਦਾ ਜਾ ਰਿਹਾ ਹੈ | ਪ੍ਰ੍ਰੇਮ ਵਿਆਹ ਇਕ ਜੰਗ ਦੇ ਤੌਰ 'ਤੇ ਸਮਝਿਆ ਜਾਂਦਾ ਹੈ, ਕੁਝ ਜਿੱਤ ਜਾਂਦੇ ਹਨ, ਕੁਝ ਆਪਣੇ-ਆਪ ਨੂੰ ਗ਼ਮ ਦੇ ਸਾਗਰ 'ਚ ਡੇਗਦੇ ਹੋਏ ਆਪਣੀ ਸਾਰੀ ਜ਼ਿੰਦਗੀ ਨੂੰ ਖ਼ਤਮ ਕਰ ਲੈਂਦੇ ਹਨ |
ਪ੍ਰੇਮ ਵਿਆਹ ਜਾਤਾਂ-ਪਾਤਾਂ ਤੋਂ ਉਪਰ ਉੱਠ ਕੇ ਮਾਪਿਆਂ ਦੀ ਜ਼ਿੰਮੇਵਾਰੀ ਘੱਟ ਕਰਨ ਵਿਚ ਬਹੁਤ ਸਹਾਈ ਹੈ | ਅਸਲ ਵਿਚ ਪ੍ਰ੍ਰੇਮ ਵਿਆਹ ਦੋ ਵਿਅਕਤੀਆਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਔਖਾ ਇਮਤਿਹਾਨ ਹੁੰਦਾ ਹੈ | ਇਸ ਲਈ ਪ੍ਰੇਮ ਵਿਆਹ ਤੋਂ ਪਹਿਲਾਂ ਬਹੁਤ ਕੁਝ ਸੋਚਣਾ ਬਣਦਾ ਹੈ ਅਤੇ ਜ਼ਰੂਰ ਸੋਚਣਾ ਚਾਹੀਦਾ ਹੈ:
• ਕਈ ਵਾਰ ਪ੍ਰੇਮ ਵਿਆਹ ਦੋ ਅਲੱਗ-ਅਲੱਗ ਰਸਮਾਂ, ਰੀਤਾਂ, ਘਰਾਣੇ ਹੋਣ ਕਾਰਨ ਇਕ-ਦੂਜੇ ਦੇ ਪਰਿਵਾਰ ਦੀਆਂ ਗਤੀਵਿਧੀਆਂ ਨੂੰ ਨਹੀਂ ਸਮਝ ਸਕਦੇ ਅਤੇ ਪਰਿਵਾਰ ਨਾਲੋਂ ਟੁੱਟ ਜਾਂਦੇ ਹਨ |
• ਕਈ ਵਾਰ 'ਕੱਲੀ-ਕਹਿਰੀ ਧੀ ਜ਼ਮੀਨ-ਜਾਇਦਾਦ ਕਾਰਨ ਕਿਸੇ ਲਾਲਚੀ ਵਿਅਕਤੀ ਦੇ ਪ੍ਰੇਮ ਦਾ ਸ਼ਿਕਾਰ ਹੋ ਜਾਂਦੀ ਹੈ |
• ਆਮ ਤੌਰ 'ਤੇ ਪੜ੍ਹ-ਲਿਖ ਰਹੇ ਮੁੰਡੇ-ਕੁੜੀਆਂ ਜਿਹੜੇ ਕਿ ਆਪਣੀ ਜ਼ਿੰਦਗੀ ਦਾ ਨਿਰਬਾਹ ਕਰਨ ਦੇ ਯੋਗ ਨਹੀਂ ਹੁੰਦੇ, ਕਮਾਈ ਦਾ ਕੋਈ ਸਾਧਨ ਨਹੀਂ ਹੁੰਦਾ ਅਤੇ ਮਾਪਿਆਂ ਉਪਰ ਬੋਝ ਬਣ ਜਾਂਦੇ ਹਨ |
• ਪ੍ਰੇਮ ਵਿਆਹ ਕੋਈ ਪਾਪ ਨਹੀਂ ਪਰ ਕਈ ਵਾਰ ਮਾਪਿਆਂ ਦੀ ਰਜ਼ਾਮੰਦੀ ਨਾ ਹੋਣ ਕਾਰਨ ਮੁੰਡਾ ਅਤੇ ਕੁੜੀ ਆਪਣੇ ਪਰਿਵਾਰ ਨਾਲੋਂ ਟੁੱਟ ਜਾਂਦੇ ਹਨ |
• ਮੁੰਡਾ ਜਾਂ ਕੁੜੀ ਵਿਆਹ ਤੋਂ ਪਹਿਲਾਂ ਬਹੁਤ ਸੁਪਨੇ ਵੇਖਦੇ ਹਨ ਅਤੇ ਬਾਅਦ ਵਿਚ ਮਾਰੀਆਂ ਫੁਕਰੀਆਂ ਦੀ ਪੋਲ ਖੁੱਲ੍ਹ ਜਾਂਦੀ ਹੈ ਅਤੇ ਤੁਹਮਤ ਭਰੇ ਦੂਸ਼ਣ ਲਾਉਣ ਕਾਰਨ ਸੁੱਖਾਂ ਦਾ ਅੰਤ ਹੋ ਜਾਂਦਾ ਹੈ |
• ਪ੍ਰੇਮ ਵਿਆਹ 'ਚ ਕੋਈ ਵੱਡਾ ਦੋਸ਼ ਨਹੀਂ | ਸਮਾਜ ਵੱਲੋਂ ਅਤੇ ਪਰਿਵਾਰ ਵੱਲੋਂ ਸਵੀਕਾਰ ਵੀ ਕਰ ਲਿਆ ਜਾਂਦਾ ਹੈ, ਪਰ ਕੀ ਤੁਸੀਂ ਆਪਣੀ ਔਲਾਦ ਨੂੰ ਅਜਿਹੇ ਪ੍ਰੇਮ ਵਿਆਹ ਤੋਂ ਰੋਕ ਸਕਦੇ ਹੋ ਜਾਂ ਸਮਝਾ ਸਕਦੇ ਹੋ? ਅਗਰ ਤੁਹਾਡੀ ਔਲਾਦ ਇਸ ਬਾਰੇ ਮੁੜ ਕੇ ਕੁਝ ਕਹਿ ਦੇਵੇ ਤਾਂ ਕੀ ਸੋਚੋਗੇ?
• ਪ੍ਰੇਮ ਦੇ ਸਮੇਂ ਤਾਂ ਮੁੰਡੇ ਦਾ ਧਿਆਨ ਕੁੜੀ ਵੱਲ ਅਤੇ ਕੁੜੀ ਦਾ ਧਿਆਨ ਮੰੁਡੇ ਵੱਲ ਹੁੰਦਾ ਹੈ, ਪਰ ਵਿਆਹ ਤੋਂ ਬਾਅਦ ਦੋਵੇਂ ਇਕ-ਦੂਜੇ ਨੂੰ ਉਹ ਸਮਾਂ ਨਹੀਂ ਦੇ ਸਕਦੇ, ਉਹੀ ਮਾਣ-ਇੱਜ਼ਤ ਨਹੀਂ ਦੇ ਸਕਦੇ, ਜਿਸ ਕਾਰਨ ਦਰਾੜ ਪੈ ਜਾਂਦੀ ਹੈ |
ਵਿਆਹ ਦਾ ਮੁੱਖ ਉਦੇਸ਼ ਚੰਗਾ ਪਰਿਵਾਰਕ ਜੀਵਨ ਜਿਊਣਾ ਅਤੇ ਨਵੇਂ ਪਰਿਵਾਰ ਦਾ ਨਿਰਮਾਣ ਕਰਨਾ ਹੁੰਦਾ ਹੈ | ਇਸ ਲਈ ਪ੍ਰੇਮ ਵਿਆਹ ਕਰਨ ਜਾਂ ਕਰਵਾਉਣ ਤੋਂ ਪਹਿਲਾਂ ਇਸ ਬਾਰੇ ਬਹੁਤ ਹੀ ਚੰਗੀ ਤਰ੍ਹਾਂ ਸੋਚਣਾ ਬਣਦਾ ਹੈ |
-58, ਮੁਲਾਜ਼ਮ ਕਾਲੋਨੀ, ਬਰੇਟਾ, ਜ਼ਿਲ੍ਹਾ ਮਾਨਸਾ-1515101. ਮੋਬਾ: 94179-39392