Sunday, 24 October 2010

ਤਕੀਆ ਕਲਾਮ ਦੇ ਪ੍ਰਸੰਗ

ਸੁਰਜੀਤ ਮਜਾਰੀ

ਜ਼ਿੰਦਗੀ ‘ਚ ਕਈ ਵਿਅਕਤੀ ਆਪਣੀ ਪੱਕ ਚੁੱਕੀ ਆਦਤ ਮੁਤਾਬਕ ਕੁਝ ਸ਼ਬਦਾਂ ਨੂੰ ਗੱਲਬਾਤ ਕਰਦਿਆਂ ਵਾਰ-ਵਾਰ ਵਰਤਣ ਲਈ ਮਜਬੂਰ ਹੁੰਦੇ ਹਨ ਜਿਸ ਨੂੰ ਅਸੀਂ ਸਬੰਧਤ ਵਿਅਕਤੀ ਦਾ ਤਕੀਆ ਕਲਾਮ ਵੀ ਕਹਿੰਦੇ ਹਾਂ। ਕਿਸੇ ਤਰ੍ਹਾਂ ਦਾ ਵੀ ਤਕੀਆ ਕਲਾਮ ਵਰਤਣ ਵਾਲੇ ਵਿਅਕਤੀ ਵੱਲੋਂ ਵਰਤਿਆ ਜਾਣ ਵਾਲਾ ਸ਼ਬਦ ਭਾਵੇਂ ਉਸ ਦੀ ਹਰ ਗੱਲ ‘ਚ ਵਾਰ-ਵਾਰ ਅੰਕਿਤ ਹੁੰਦਾ ਹੈ ਪਰ ਉਸ ਦਾ ਉਸ ਦੀ ਕਹੀ ਗੱਲ ਨਾਲ ਕੋਈ ਸਰੋਕਾਰ ਨਹੀਂ ਹੁੰਦਾ। ਅਜਿਹੇ ਸ਼ਬਦਾਂ ਨੂੰ ਵਾਰ-ਵਾਰ ਬੋਲਣ ਦੀ ਆਦਤ ਪੱਕਿਆਂ ਕਰ ਚੁੱਕੇ ਕੁਝ ਪਾਤਰਾਂ ਬਾਰੇ ਸਾਂਝੀ ਕਰਦੇ ਹਾਂ।
ਸਾਡੇ ਮਾਮਾ ਜੀ ਨੂੰ ਹਰ ਗੱਲ ਨਾਲ ‘ਮੁਆਫ ਕਰਨਾ’ ਸ਼ਬਦ ਕਹਿਣ ਦੀ ਆਦਤ ਹੈ। ਜਦੋਂ ਕਿਸੇ ਵਿਆਹ ‘ਚ ਸ਼ਾਮਲ ਹੋਣ ਤਾਂ ਉਨ੍ਹਾਂ ਦੀ ਗੱਲ ‘ਚ ਦਰਜ ਕੀਤਾ ਗਿਆ ਇਹ ਸ਼ਬਦ ‘ਮੁਆਫ ਕਰਨਾ, ਮੁੰਡੇ/ਕੁੜੀ ਦਾ ਹਾਣ ਬਿਲਕੁਲ ਸਹੀ ਹੈ।’ ਅਤੇ ਕਿਸੇ ਅਫਸੋਸ ‘ਤੇ ਬੈਠਿਆਂ ‘ਮੁਆਫ ਕਰਨਾ, ਤੁਹਾਡੇ ਬਜ਼ੁਰਗਾਂ ਦਾ ਸੁਭਾਅ ਬਹੁਤ ਵਧੀਆ ਸੀ’ ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਦੋਵਾਂ ਸਥਿਤੀਆਂ ‘ਚ ਜੁੜੇ ਸਬੰਧੀਆਂ ਸਾਹਮਣੇ ਉਨ੍ਹਾਂ ਵੱਲੋਂ ਵਰਤਿਆ ਗਿਆ ਤਕੀਆ ਕਲਾਮ ਭਾਵੇਂ ਸੁਭਾਵਿਕ ਬੋਲਿਆ ਗਿਆ ਪਰ ਦੋਵਾਂ ਬੋਲਾਂ ‘ਚ ਇਸ ਦਾ ਅਰਥ ਕਹੀ ਜਾਣ ਵਾਲੀ ਗੱਲ ਨਾਲ ਕਿਸੇ ਪੱਖ ਤੋਂ ਵੀ ਨਹੀਂ ਜੁੜਦਾ।
ਇਵੇਂ ਗੁਆਂਢੀ ਪਿੰਡ ਤੋਂ ਨੰਬਰਦਾਰ ਹੋਰਾਂ ਨੂੰ ਹਰ ਗੱਲ ਨਾਲ ‘ਗੱਲਾਂ ਦੋ ਆ’ ਸ਼ਬਦ ਕਹਿਣ ਦੀ ਆਦਤ ਹੈ। ਉਹ ਜਦੋਂ ਵੀ ਕਿਸੇ ਨੂੰ ਮਿਲਦੇ ਹਨ ਤਾਂ ਆਪਣੀ ਗੱਲਬਾਤ ਕਰਦਿਆਂ ਇਹ ਸ਼ਬਦ ‘ਗੱਲਾਂ ਦੋ ਆ’ ਆਪ-ਮੁਹਾਰੇ ਆਖਦੇ ਜਾਂਦੇ ਹਨ। ‘ਗੱਲਾਂ ਦੋ ਹਨ’। ਫਿਰ ਉਹ ਇਕ ਗੱਲ ਸੁਣਾਉਣੀ ਵੀ ਸ਼ੁਰੂ ਕਰ ਦਿੰਦੇ ਹਨ ਪਰ ਜਦੋਂ ਉਨ੍ਹਾਂ ਦੀ ਗੱਲ ਮੁੱਕਦੀ ਹੈ ਤੇ ਦੂਜੀ ਗੱਲ ਕੀ ਹੈ, ਉਸ ਬਾਰੇ ਉਹ ਕੁਝ ਕਹਿੰਦੇ ਵੀ ਨਹੀਂ।…ਤੇ ਇਕ ਗੱਲ ਦੇ ਮੁੱਕਦਿਆਂ ਫਿਰ ਕਹਿ ਦੇਣਗੇ ਕਿ ‘ਗੱਲਾਂ ਦੋ ਆ’। ਇਵੇਂ ਗੱਲਾਂ ਕਰਦਿਆਂ ਕਰਦਿਆਂ ਉਹ ਇਕ-ਇਕ ਗੱਲ ਸੁਣਾਉਂਦੇ ਜਾਂਦੇ ਹਨ। ਅਜਿਹੀ ਸਥਿਤੀ ‘ਚ ਭਲਾ ਦੂਜੀ ਗੱਲ ਕਿੱਥੇ ਗਈ, ਬਾਰੇ ਸਾਹਮਣੇ ਸੁਣਨ ਵਾਲੇ ਨੂੰ ਕੁਝ ਪਤਾ ਨਹੀਂ ਲੱਗਦਾ।
‘ਤਕੀਆ ਕਲਾਮ’ ਵਰਤਣ ਵਾਲਿਆਂ ਦੀ ਲੜੀ ‘ਚ ਇਕ ਹੋਰ ਉਦਾਹਰਣ ਹੈ ਕਿ ਸਾਡੇ ਖੇਤਰ ਦੇ ਇਕ ਨਰਸਿੰਗ ਕਾਲਜ ਦੇ ਵਾਈਸ ਪ੍ਰਿੰਸੀਪਲ ਵੱਲੋਂ ‘ਮਤਲਬ’ ਸ਼ਬਦ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ। ਇਕ ਸਮਾਜਕ ਸਮਾਗਮ ‘ਚ ਉਹ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਸਟੇਜ ਤੋਂ ਹਰ ਗੱਲ ਨਾਲ ਹਰ ਸਤਰ ‘ਚ ਤੇ ਇਥੋਂ ਤਕ ਆਪਣੀ ਗੱਲ ਦੇ ਦੋ/ਚਾਰ ਸ਼ਬਦਾਂ ਤੋਂ ਬਾਅਦ ‘ਮਤਲਬ’ ਸ਼ਬਦ ਦੀ ਵਰਤੋਂ ਕਰੀ ਜਾ ਰਹੇ ਸਨ। ਕਹਿਣ ਦਾ ਭਾਵ ਉਨ੍ਹਾਂ ਨੇ ਆਪਣੀ ਤਕਰੀਰ ‘ਚ ਜਿੰਨੇ ਸ਼ਬਦਾਂ ਦੀ ਵਰਤੋਂ ਕੀਤੀ, ਘੱਟ ਤੋਂ ਘੱਟ ਉਨ੍ਹਾਂ ਦਾ ਤੀਜਾ ਹਿੱਸਾ ‘ਮਤਲਬ’ ਸ਼ਬਦ ਵਰਤਿਆ ਗਿਆ ਜਿਸ ਨਾਲ ਪੰਡਾਲ ‘ਚ ਹਾਸੇ ਦਾ ਮਾਹੌਲ ਬਣਦਾ ਰਿਹਾ।
ਅਜਿਹੇ ਤਕੀਆ ਕਲਾਮ ਵਰਤਣ ਦੀ ਆਦਤ ਕਦੋਂ ਪੱਕ ਜਾਂਦੀ ਹੈ, ਸਬੰਧਤ ਵਿਅਕਤੀ ਨੂੰ ਪਤਾ ਨਹੀਂ ਲਗਦਾ। ਜੇਕਰ ਕਿਸੇ ਦੀ ਇਸ ਆਦਤ ਨੂੰ ਸ਼ੁਰੂ-ਸ਼ੁਰੂ ‘ਚ ਟੋਕ ਦਿੱਤਾ ਜਾਵੇ ਤਾਂ ਇਹ ਆਦਤ ਪੱਕਣ ਤੋਂ ਪਹਿਲਾਂ ਰੋਕੀ ਵੀ ਜਾ ਸਕਦੀ ਹੈ। ਸਬੰਧਤ ਸ਼ਖਸ ਇਕ ਸ਼ਬਦ ਦੀ ਵਾਰ-ਵਾਰ ਵਰਤੋਂ ਕਰਨ ਦੇ ਬਾਵਜੂਦ ਇਹ ਨਹੀਂ ਜਾਣਦਾ ਹੁੰਦਾ ਕਿ ਉਸ ਵੱਲੋਂ ਆਪਣੀ ਗੱਲਬਾਤ ‘ਚ ਵਰਤਿਆ ਜਾਣ ਵਾਲਾ ਤਕੀਆ ਕਲਾਮ ਸਾਹਮਣੇ ਵਾਲੇ ਨੂੰ ਓਪਰਾ ਲੱਗਦਾ ਹੈ, ਉਹ ਤਾਂ ਆਪਣੀ ਤਰਤੀਬ ‘ਚ ਗੱਲ ਕਰਦਿਆਂ ਬੋਲਣ ਦੀ ਆਦਤ ਬਣੇ ਸ਼ਬਦ ਦਾ ਦੁਹਰਾਅ ਕਰਦਾ ਜਾਂਦਾ ਹੈ।

No comments:

Post a Comment