Wednesday, 24 November 2010
ਜਦੋਂ ਸਾਰੀ ਰਾਤ ਨੀਂਦ ਨਾ ਆਵੇ
ਅੱਜ ਦੇ ਆਪਾਧਾਪੀ ਵਾਲੇ ਮਸ਼ੀਨੀ ਯੁੱਗ 'ਚ ਉਨੀਂਦਰੇ ਦਾ ਰੋਗ ਵਧਦਾ ਜਾ ਰਿਹਾ ਹੈ। ਅੱਜ ਹਰ ਵਿਅਕਤੀ ਫਿਕਰਾਂ 'ਚ ਘਿਰਿਆ ਹੋਇਆ ਹੈ। ਨਰਮ ਬਿਸਤਰੇ 'ਤੇ ਵੀ ਲੇਟ ਕੇ ਉਸ ਨੂੰ ਨੀਂਦ ਨਹੀਂ ਆਉਂਦੀ ਕਿਉਂਕਿ ਉਸ ਦਾ ਦਿਮਾਗ ਅੱਜ ਦੀ ਬਨਾਉਟੀ ਜ਼ਿੰਦਗੀ, ਭੌਤਿਕ ਵਸਤੂਆਂ ਦੇ ਪਿੱਛੇ ਅੰਨ੍ਹੀ ਦੌੜ, ਧੋਖਾਧੜੀ, ਕੂਟਨੀਤੀ ਅਤੇ ਚਾਲਬਾਜ਼ੀ 'ਚ ਲੱਗਾ ਰਹਿੰਦਾ ਹੈ। ਬੁਢਾਪੇ, ਬੀਮਾਰੀ ਅਤੇ ਅਸੁਰੱਖਿਆ ਦਾ ਡਰ ਉਸ ਨੂੰ ਵੱਖਰਾ ਘੇਰੀ ਰੱਖਦਾ ਹੈ। ਨੀਂਦ ਨਾ ਆਉਣ ਕਾਰਨ ਉਹ ਹਮੇਸ਼ਾ ਪ੍ਰੇਸ਼ਾਨ ਹੋ ਜਾਂਦਾ ਹੈ। ਇਸ ਤਰ੍ਹਾਂ ਇਹ ਦੁਸ਼ਚੱਕਰ ਬਣਿਆ ਰਹਿੰਦਾ ਹੈ। ਅਸਲ 'ਚ ਨੀਂਦ ਕੁਦਰਤ ਦਾ ਵਿਅਕਤੀ ਦੇ ਸਾਰੇ ਦਿਨ ਦੇ ਕੰਮ-ਕਾਰਾਂ ਨਾਲ ਡਾਊਨ ਹੁੰਦੀ ਬੈਟਰੀ ਨੂੰ ਚਾਰਜ ਕਰਨ ਦਾ ਇਕ ਵਧੀਆ ਸਿਸਟਮ ਹੈ। ਕੁਦਰਤ ਦੇ ਨਿਯਮਾਂ ਨਾਲ ਛੇੜ-ਛਾੜ ਇਨਸਾਨ ਦੇ ਹੱਕ 'ਚ ਫਾਇਦੇਮੰਦ ਨਹੀਂ ਹੈ। ਨੀਂਦ ਦੀਆਂ ਗੋਲੀਆਂ ਦੀ ਗੱਲ ਹੀ ਲੈ ਲਓ ਤਾਂ ਅਸੀਂ ਦੇਖਾਂਗੇ ਕਿ ਇਨ੍ਹਾਂ ਦੇ ਕਿੰਨੇ ਬੁਰੇ ਨਤੀਜੇ ਹੋ ਸਕਦੇ ਹਨ। ਇਕ ਤਰ੍ਹਾਂ ਇਹ ਹੌਲੀ-ਹੌਲੀ ਲਿਆ ਜਾਣ ਵਾਲਾ ਜ਼ਹਿਰ ਹੈ। ਇਹ ਵਿਅਕਤੀ ਨੂੰ ਸਮੇਂ ਤੋਂ ਪਹਿਲਾਂ ਬੁੱਢਾ ਹੀ ਨਹੀਂ ਬਣਾ ਦਿੰਦਾ, ਸਗੋਂ ਮੌਤ ਦੇ ਕੰਢੇ 'ਤੇ ਵੀ ਲੈ ਜਾਂਦਾ ਹੈ। ਕੁਝ ਗੱਲਾਂ ਨੂੰ ਜੇਕਰ ਧਿਆਨ 'ਚ ਰੱਖਿਆ ਜਾਵੇ ਤਾਂ ਕਾਫੀ ਹੱਦ ਤੱਕ ਇਸ ਰੋਗ ਤੋਂ ਬਚਿਆ ਜਾ ਸਕਦਾ ਹੈ। ਬਿਸਤਰੇ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੈ। ਉੱਚੇ ਸਿਰਹਾਣੇ ਨਾਲ ਗਰਦਨ ਦਾ ਦਰਦ ਅਤੇ ਸਪਾਂਡਿਲਾਇਟਿਸ ਹੋ ਸਕਦਾ ਹੈ। ਬਿਨਾਂ ਸਿਰਹਾਣੇ ਦੇ ਸੁੱਤਾ ਜਾਵੇ ਤਾਂ ਚੰਗਾ ਹੈ ਜਾਂ ਫਿਰ ਨਰਮ ਅਤੇ ਨੀਵਾਂ ਸਿਰਹਾਣਾ ਲਓ। ਬਿਸਤਰੇ 'ਤੇ ਆਪਣੀ ਸਹੂਲਤ ਮੁਤਾਬਿਕ ਲੇਟੋ। ਹੱਥ-ਪੈਰ ਬਿਲਕੁਲ ਰਿਲੈਕਸ ਰਹਿਣ। ਸਾਰੇ ਦਿਨ ਦੀ ਪ੍ਰੇਸ਼ਾਨੀ, ਦੁੱਖ-ਤਕਲੀਫ, ਸ਼ੰਕੇ ਅਤੇ ਨਾਕਾਰਾਤਮਕ ਵਿਚਾਰਾਂ ਨੂੰ ਤਿਆਗ ਦਿਓ। ਕਦੇ ਕਿਸੇ ਸੁੰਦਰ ਥਾਂ ਜਾਂ ਕੁਦਰਤੀ ਸੁੰਦਰਤਾ ਵਾਲੀ ਥਾਂ 'ਤੇ ਗਏ ਹੋਵੋ ਤਾਂ ਉਸ ਦੀ ਯਾਦ ਤਾਜ਼ਾ ਕਰ ਲਓ ਜਾਂ ਜ਼ਿੰਦਗੀ ਦੇ ਕੋਈ ਹਸੀਨ ਪਲ ਜਾਂ ਫਿਰ ਕੋਈ ਮਿਠਾਸ ਭਰਪੂਰ ਗੱਲਬਾਤ ਕਰੋ। ਕਿਸੇ ਖੂਬਸੂਰਤ ਗਜ਼ਲ, ਕਵਿਤਾ, ਗੀਤ ਦੀਆਂ ਸਤਰਾਂ ਦੁਹਰਾਈਆਂ ਜਾ ਸਕਦੀਆਂ ਹਨ।ਸਰਦੀਆਂ 'ਚ ਸੌਣ ਤੋਂ ਪਹਿਲਾਂ ਕੋਈ ਗਰਮ ਤਰਲ ਪੀਣਾ ਬਹੁਤ ਲਾਭਦਾਇਕ ਹੁੰਦਾ ਹੈ। ਜੋ ਲੋਕ ਦੁੱਧ ਪੀਣ ਦੇ ਆਦੀ ਹੋਣ, ਉਹ ਦੁੱਧ ਪੀ ਸਕਦੇ ਹਨ, ਨਹੀਂ ਤਾਂ ਚਾਹ ਜਾਂ ਕੌਫੀ ਪੀ ਸਕਦੇ ਹਨ। ਖੁਰਾਕ 'ਤੇ ਖਾਸ ਧਿਆਨ ਦਿੱਤਾ ਜਾਣਾ ਚਾਹੀਦੈ। ਸੰਤੁਲਿਤ ਖੁਰਾਕ ਲਈ ਜਾਣੀ ਚਾਹੀਦੀ ਹੈ। ਨਾਸ਼ਤਾ ਡੱਟ ਕੇ ਕਰੋ ਪਰ ਰਾਤ ਦਾ ਭੋਜਨ ਹਮੇਸ਼ਾ ਹਲਕਾ ਰੱਖੋ। ਭੁੱਖ ਨਾਲੋਂ ਕੁਝ ਘੱਟ ਹੀ ਖਾਓ। ਉਨੀਂਦਰੇ ਦਾ ਇਕ ਕਾਰਨ ਬਦਹਜ਼ਮੀ ਵੀ ਹੋ ਸਕਦੀ ਹੈ। ਜਿੱਥੇ ਬਹੁਤ ਜ਼ਿਆਦਾ ਭੋਜਨ ਨਾਲ ਨੁਕਸਾਨ ਹੁੰਦਾ ਹੈ, ਉਥੇ ਹੀ ਬਿਲਕੁਲ ਖਾਲੀ ਪੇਟ ਵੀ ਨਹੀਂ ਰਹਿਣਾ ਚਾਹੀਦਾ। ਭੁੱਖੇ ਢਿੱਡ ਵੀ ਨੀਂਦ ਨਹੀਂ ਆਏਗੀ। ਖਾਣਾ ਖਾਂਦਿਆਂ ਹੀ ਸੌਣ ਨਾਲ ਭੋਜਨ ਜ਼ਹਿਰ ਬਣ ਜਾਂਦਾ ਹੈ। ਖਾ ਕੇ ਥੋੜ੍ਹਾ ਟਹਿਲਣਾ ਚਾਹੀਦੈ। ਖਾਣ ਅਤੇ ਸੌਣ ਵਿਚਕਾਰ ਘੱਟੋ-ਘੱਟ ਦੋ ਘੰਟਿਆਂ ਦਾ ਫਰਕ ਹੋਣਾ ਚਾਹੀਦੈ। ਬੇਹੱਦ ਸ਼ੋਰ-ਸ਼ਰਾਬਾ, ਤੇਜ਼ ਰੋਸ਼ਨੀ ਨਾਲ ਵੀ ਨੀਂਦ ਦਾ ਵੈਰ ਹੈ। ਨਾਈਟ ਲੈਂਪ ਬਾਲ ਕੇ ਸੌਂਵੋ। ਰੋਸ਼ਨੀ ਜ਼ੀਰੋ ਵਾਟ ਦੇ ਬੱਲਬ ਦੀ ਹੀ ਠੀਕ ਰਹੇਗੀ। ਬੱਲਬ ਦੇ ਉੱਪਰ ਸ਼ੈੱਡ ਲੱਗਾ ਹੋਵੇ ਤਾਂਕਿ ਅੱਖਾਂ 'ਤੇ ਸਿੱਧੀ ਰੋਸ਼ਨੀ ਨਾ ਪਏ। ਕਮਰੇ 'ਚ ਥੋੜ੍ਹੀ-ਬਹੁਤੀ ਤਾਜ਼ੀ ਹਵਾ ਦੀ ਵੀ ਗੁੰਜਾਇਸ਼ ਹੋਣੀ ਚਾਹੀਦੀ ਹੈ। ਦਮ ਘੁੱਟਣ ਵਾਲੇ ਵਾਤਾਵਰਣ ਅਤੇ ਹਵਾ ਦੀ ਘਾਟ ਨਾਲ ਵੀ ਘਬਰਾਹਟ ਪੈਦਾ ਹੁੰਦੀ ਹੈ ਅਤੇ ਅਜਿਹੇ 'ਚ ਨੀਂਦ ਆਉਣੀ ਅਸੰਭਵ ਹੋ ਜਾਂਦੀ ਹੈ। ਇਕ ਗੱਲ ਹੋਰ, ਸੌਣ ਵਾਲੇ ਕਮਰੇ 'ਚ ਸਾਫ-ਸੁਥਰੇ ਅਤੇ ਸਲੀਕੇ ਨਾਲ ਸਜੀਆਂ ਤਸਵੀਰਾਂ ਲਗਾਓ। ਸੁੰਦਰ ਤਸਵੀਰਾਂ ਨੂੰ ਦੇਖਦਿਆਂ ਵੀ ਮਿੱਠੀ ਨੀਂਦ ਦੀ ਕਲਪਨਾ ਕੀਤੀ ਜਾ ਸਕਦੀ ਹੈ। ਸਰੀਰਕ ਮਿਹਨਤ ਕਰਨ ਵਾਲਿਆਂ ਨੂੰ ਉਨੀਂਦਰੇ ਦਾ ਰੋਗ ਕਦੇ ਨਹੀਂ ਹੁੰਦਾ। ਜਦੋਂ ਇਨਸਾਨ ਸਰੀਰਕ ਤੌਰ 'ਤੇ ਬੁਰੀ ਤਰ੍ਹਾਂ ਥੱਕਿਆ ਹੁੰਦਾ ਹੈ ਤਾਂ ਆਪਣਾ ਸਿਰ ਜਿਵੇਂ ਹੀ ਸਿਰਹਾਣੇ 'ਤੇ ਰੱਖਦਾ ਹੈ, ਉਹ ਨੀਂਦ ਦੀ ਗ੍ਰਿਫਤ 'ਚ ਚਲਾ ਜਾਂਦਾ ਹੈ ਪਰ ਮਾਨਸਿਕ ਕੰਮ ਕਰਨ ਵਾਲੇ ਅਤੇ ਸਾਰਾ ਦਿਨ ਕੁਰਸੀ ਤੋੜਨ ਵਾਲਿਆਂ ਨੂੰ ਅਕਸਰ ਨੀਂਦ ਨਾ ਆਉਣ ਦੀ ਸਮੱਸਿਆ ਪੇਸ਼ ਆਉਂਦੀ ਹੈ। ਵਰਜਿਸ਼ ਦੀ ਘਾਟ 'ਚ ਮਾਸਪੇਸ਼ੀਆਂ ਖਿੱਚੀਆਂ ਰਹਿਣਗੀਆਂ। ਦਿਮਾਗ ਤਣਾਅ ਨਾਲ ਘਿਰਿਆ ਰਹੇਗਾ। ਹਾਜ਼ਮਾ ਠੀਕ ਨਹੀਂ ਹੋਵੇਗਾ ਅਤੇ ਇਨਸਾਨ ਆਲਸੀ ਬਣ ਜਾਂਦਾ ਹੈ। ਅਜਿਹੇ 'ਚ ਜੇਕਰ ਨੀਂਦ ਨਾ ਆਵੇ ਤਾਂ ਨੀਂਦ ਦਾ ਭਲਾ ਕੀ ਕਸੂਰ। ਮਹਾਨਗਰਾਂ 'ਚ ਛੋਟੇ-ਛੋਟੇ ਮਕਾਨ ਹੁੰਦੇ ਹਨ, ਜਿੱਥੇ ਬਹੁਤਾ ਤੁਰਨ-ਫਿਰਨ ਦੀ ਸੰਭਾਵਨਾ ਨਹੀਂ ਹੁੰਦੀ। ਅਜਿਹੇ 'ਚ ਸਪਾਟ ਜਾਗਿੰਗ ਭਾਵ ਇਕੋ ਥਾਂ 'ਤੇ ਖੜ੍ਹੇ ਰਹਿ ਕੇ ਲੈਫਟ-ਰਾਈਟ ਕਰਦੇ ਰਹਿਣਾ ਕੀਤਾ ਜਾ ਸਕਦਾ ਹੈ। ਕਸਰਤ ਲਈ ਕੋਈ ਵੀ ਸਮਾਂ ਆਪਣੀ ਸਹੂਲਤ ਮੁਤਾਬਿਕ ਚੁਣਿਆ ਜਾ ਸਕਦਾ ਹੈ, ਸਿਰਫ ਖਾਣਾ ਖਾਣ ਤੋਂ ਇਕਦਮ ਬਾਅਦ ਨੂੰ ਛੱਡ ਕੇ। ਕਈ ਲੋਕਾਂ ਨੂੰ ਪੜ੍ਹਨ ਵੇਲੇ ਬਹੁਤ ਵਧੀਆ ਨੀਂਦ ਆਉਂਦੀ ਹੈ। ਇਕ ਤਰ੍ਹਾਂ ਇਹ ਵਧੀਆ ਆਦਤ ਹੈ। ਬਸ ਧਿਆਨ ਰਹੇ ਕਿ ਸੌਣ ਤੋਂ ਪਹਿਲਾਂ ਜੋ ਸਾਹਿਤ ਪੜ੍ਹਿਆ ਜਾਵੇ, ਉਹ ਕੋਈ ਜਾਸੂਸੀ ਜਾਂ ਹਾਰਰ ਬੁੱਕ ਨਾ ਹੋਵੇ। ਇਸੇ ਤਰ੍ਹਾਂ ਕਈ ਲੋਕ ਸੰਗੀਤ ਦੀਆਂ ਧੁਨਾਂ ਨਾਲ ਝੂਮਦੇ ਹੋਏ ਮਿੱਠੀ ਨੀਂਦੇ ਸੌਂਦੇ ਹਨ। ਇਹ ਵੀ ਠੀਕ ਹੈ। ਧਿਆਨ ਰਹੇ ਕਿ ਜੇਕਰ ਨੀਂਦ ਨਹੀਂ ਆ ਰਹੀ ਅਤੇ ਤੁਸੀਂ ਪਾਸੇ ਪਰਤੀ ਜਾ ਰਹੇ ਹੋ, ਤਾਂ ਤੁਰੰਤ ਉੱਠ ਜਾਓ। ਆਪਣੀ ਮਨਪਸੰਦ ਦਾ ਕੋਈ ਅਧੂਰਾ ਕੰਮ, ਜੋ ਰਾਤ ਨੂੰ ਕਰਨਾ ਸੰਭਵ ਹੋਵੇ, ਲੈ ਕੇ ਬੈਠ ਜਾਓ। ਖਤਮ ਹੁੰਦੇ-ਹੁੰਦੇ ਤੁਸੀਂ ਨੀਂਦ ਦੀ ਗੋਦ 'ਚ ਹੋਵੋਗੇ। ਧਿਆਨ ਰਹੇ ਕਿ ਸੌਣ ਦਾ ਸਮਾਂ ਤੈਅ ਹੋਣਾ ਚਾਹੀਦੈ। ਬਚਪਨ 'ਚ ਯਾਦ ਕੀਤੀ ਇਹ ਸਤਰ 'ਅਰਲੀ ਟੂ ਬੈੱਡ ਐਂਡ ਅਰਲੀ ਟੂ ਰਾਈਜ਼ ਮੇਕਸ ਏ ਮੈਨ ਹੈਲਦੀ ਵੈਲਦੀ ਐਂਡ ਵਾਈਸ' ਬਿਲਕੁਲ ਸੱਚ ਹੈ। ਛੇਤੀ ਸੌਣਾ, ਛੇਤੀ ਉੱਠਣਾ, ਇਸੇ ਨਾਲ ਹੀ ਇਨਸਾਨ ਸਿਹਤਮੰਦ ਅਤੇ ਬੁੱਧੀਮਾਨ ਬਣਦਾ ਹੈ ਅਤੇ ਧਨ-ਸੰਪਤੀ ਪ੍ਰਾਪਤ ਕਰ ਸਕਦਾ ਹੈ।
Subscribe to:
Post Comments (Atom)
No comments:
Post a Comment